Thursday, December 25, 2025

ਸਿੱਖ ਜਗਤ ਦਾ ਲਾ-ਮਿਸਾਲ ਸ਼ਹਾਦਤਾਂ ਭਰਿਆ “ਦਸੰਬਰ”ਮਹੀਨੇ ਦਾ ਗੌਰਵਮਈ ਹਫਤਾ!!

 Emailed on Thursday 25th December 2025 at 11:08 AM  Regarding December in Sikhism      

 ਇਹ ਸੰਸਾਰ ਭਰ ਦੀ ਇਕੋ ਇਕ ਲਾਸਾਨੀ ਮਿਸਾਲ ਹੈ

--*ਜੰਗ ਸਿੰਘ ਮਰਸਡ ਕੈਲੀਫੋਰਨੀਆ (ਅਮਰੀਕਾ)

ਇਸ ਗੌਰਵਮਈ ਦਸੰਬਰ ਮਹੀਨੇ ਦਾ ਸਬੰਧ ਸਿੱਖਾਂ ਦੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੁੂ ਗੋਬਿੰਦ ਸਿੰਘ ਨਾਲ ਜੁੜਿਆ ਹੋਇਆ ਹੈ ਇਸ ਮਹੀਨੇ ਦੇ ਆਖਰੀ ਹਫਤੇ ਵਿੱਚ ਸ੍ਰੀ ਗੁਰੁੂ ਗੋਬਿੰਦ ਸਿੰਘ ਜੀ ਦਾ ਸਾਰਾ ਪ੍ਰੀਵਾਰ ਜਿਸ ਵਿੱਚ ਉਨਾਂ ਦੇ ਚਾਰੇ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ ਸ਼ਾਮਲ ਸਨ ਜੋ ਉਸ ਵੇਲੇ ਦੇ ਜਾਬਰ ਮੁਗਲੀ ਬਾਦਸ਼ਾਹ ‘ਔਰੰਗਜੇਬ’ ਦੇ ਅੰਤਾਂ ਦੇ ਜੁਲਮ ਦਾ ਸ਼ਿਕਾਰ ਹੋ ਕੇ ਲਾਸਾਨੀ ਸਹੀਦੀਆਂ ਪਾ ਗਏ ਸਨ।ਇਹ ਸੰਸਾਰ ਭਰ ਦੀ ਇਕੋ ਇਕ ਲਾਸਾਨੀ ਮਿਸਾਲ ਹੈ।ਜਿਨਾਂ ਦਾ ਨਾ ਤਾਂ ਹੁਣ ਤਕ ਕੋਈ ਸਾਨੀ ਹੋਇਆ ਹੈ ਤੇ ਨਾ ਹੀ ਭਵਿੱਖ ਵਿੱਚ ਕੋਈ ਹੋ ਸਕੇਗਾ ! ਇਸ ਸ਼ਹਾਦਤਾਂ ਭਰੇ ਇਤਿਹਾਸ ਦਾ ਮੁੱਢ ਉਦੋਂ ਬੱਝਦਾ ਹੈ ਜਦੋਂ ਪੋਹ ਸੁਦੀ ਛੇਵੀਂ ਸਤਵੀਂ ਦੀ ਰਾਤ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੁ ਗਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ੍ਹ ਸ੍ਰੀ ਅਨੰਦਗੜ੍ਹ ਸਾਹਿਬ ਛਡਿਆ ਸੀ ।ਇਤਿਹਾਸ ਦਸਦਾ ਹੈ ਕਿ ਕਿਲਾ੍ਹ ਅਨੰਦਗੜ੍ਹ ਸਾਹਿਬ ਜਿਸ ਨੂੰ ਪਿਛਲੇ ਨੌ ਮਹੀਨੇ ਤੋਂ 19 ਪਹਾੜ੍ਹੀ ਹਿੰਦੂ ਰਾਜਿਆਂ ਅਤੇ ਮੁਗਲੀ ਬਾਦਸ਼ਾਹ ਔਰੰਗਜੇਬ ਦੇ ਤਿੰਨ ਫੌਜੀ ਗਵਰਨਰਾਂ ਵਜੀਰ ਖਾਨ , ਦਿਲਦਾਰ ਖਾਨ ਅਤੇ ਜਬਰਦਸਤ ਖਾਨ ਨੇ ਬਹੁਤ ਸਖਤੀ ਨਾਲ ਘੇਰਿਆ ਹੋਇਆ ਸੀ ਕਿ ਕਿਸੇ ਪਰਕਾਰ ਦੀ ਕੋਈ ਵੀ ਖਾਣ ਪੀਣ ਦੀ ਰਸਦ ਅੰਦਰ ਨਹੀਂ ਸੀ ਜਾਣ ਦਿੱਤੀ ਜਾ ਰਹੀ ਤਾਂ ਕਿ ਗੁਰੂੁ ਗੋਬਿੰਦ ਸਿੰਘ ਅਤੇ ਉਨਾ ਦੇ ਬਹਾਦਰ ਸਿੰਘ ਜਿਹੜੇ ਕਿ ਔਰੰਗਜੇਬ ਦੇ ਜੁਲਮੀ ਰਾਜ ਦੇ ਲਈ ਭਾਰੀ ਮੁਸ਼ਕਲ ਬਣੇ ਹੋਏ ਸਨ ਉਹ ਕਿਲੇ੍ਹ ਦੇ ਅੰਦਰ ਹੀ ਜਾਂ ਤਾਂ ਭੁੱਖੇ ਪਿਆਸੇ ਮਰ ਜਾਣ  ਜਾਂ ਫਿਰ ਮੁਗਲ ਹਕੂਮਤ ਦੀ ਈਨ ਨੂੰ ਮੰਨ ਲੈਣ।ਪਰ ਦਸਮ ਪਾਤਸ਼ਾਹ ਦੇ ਬਹਾਦਰ ਸਿੰਘਾਂ ਨੇ ਅੰਦਰ ਘਿਿਰਆਂ ਹੋਇਆਂ ਨੇ ਦਰਖਤਾਂ ਦੇ ਪੱਤੇ ,ਘਾਹ ਫੂੁਸ ਖਾ ਕੇ ਇਥੋਂ ਤਕ ਕਿ ਆਪਣੇ ਘੋੜਿਆਂ ਦੇ ਮਾਸ ਤਕ ਨੂੰ ਖਾਣ ਲਈ ਵੀ ਮਜਬੂਰ ਹੋਣਾ ਪਿਆ।

ਇਸੇ ਦੌਰਾਨ ਭਾਈ ਮਹਾਂ ਸਿੰਘ ਆਪਣੇ ਨਾਲ 40 ਸਿੰਘਾਂ ਨੂੰ ਨਾਲ ਲੈ ਕੇ ਗੁਰੁੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਚਲੇ ਗਏ ਸਨ ਇਹ ਘਟਨਾ ਵੀ ਨਾ ਦਸਮ ਪਾਤਸ਼ਾਹ ਤੇ ਨਾ ਹੀ ਉਨਾਂ ਦੇ ਸਿੰਘਾਂ ਦੇ ਮਨਾ ਨੂੰ ਡੁੱਲਾ ਸਕੀ।ਪਰ ਦ੍ਰਿੜ੍ਹ ਇਰਾਦੇ ਦੇ ਮਾਲਕ ਦਸਮ ਪਾਤਸ਼ਾਹ ਤੇ ਉਨਾਂ ਦੇ ਸਿੰਘ ਕਿਸੇ ਵੀ ਹਾਲਤ ਵਿੱਚ ਕਿਲ੍ਹੇ ਨੂੰ ਨਹੀਂ ਸਨ ਛੱਡ ਰਹੇ।ਦਸਮ ਪਾਤਸ਼ਾਹ ਤੇ ਉਨਾਂ ਦੇ ਬਹਾਦਰ ਸਿੰਘਾਂ ਵਲੋਂ ਕਿਲ੍ਹੇ ਨੂੰ ਨਾ ਛੱਡਣਾ।ਔਰੰਗਜੇਬ ਦੇ ਮੁਗਲੀ ਗਵਰਨਰਾਂ ਤੇ ਪਹਾੜ੍ਹੀ ਹਿੰਦੂ ਰਾਜਿਆਂ ਲਈ ਵੀ ਅੰਤਾ ਦੀ ਭਾਰੀ ਮੁਸ਼ਕਲ ਬਣੀ ਹੋਈ ਸੀ। 

ਉਨਾਂ ਦਾ ਕੋਈ ਵੱਸ ਨਹੀਂ ਚਲ ਰਿਹਾ ਸੀ ਕਿ ਉਹ ਇਸ ਹਾਲਤ ਵਿੱਚ ਦਸਮ ਪਾਤਸ਼ਾਹ ਕੋਲੋਂ ਕਿਲ੍ਹਾ ਛੁੱਡਾ ਸਕਣ।ਅਜਿਹਾ ਕੁਝ ਹੋਣ ਨਾਲ ਉਸ ਵੇਲੇ ਦੀ ਮੁਗਲ ਬਾਦਸ਼ਾਹ ਔਰੰਗਜੇਬ ਵਲੋਂ ਪਹਾੜ੍ਹੀ ਰਾਜਿਆ ਤੇ ਤਿੰਨ ਮੁਗਲੀ ਗਵਰਨਰਾਂ ਨੂੰ ਲਗਾਤਾਰ ਲਾਹਨਤਾਂ ਪੈ ਰਹੀਆ ਸਨ ਕਿ ਇਨੀ ਫੌਜ ਦੇ ਹੁੰਦਿਆਂ ਉਹ ਗੁਰੁੂ ਗੋਬਿੰਦ ਸਿੰਘ ਕੋਲੋਂ ਕਿਲਾ੍ਹ ਨਹੀਂ ਸਨ ਛੱੁਡਵਾ ਸਕੇ । ਕੋਈ ਵਾਹ ਚਲਦੀ ਨਾ ਵੇਖ ਕੇ ਪਹਾੜ੍ਹੀ ਰਾਜਿਆ ਨੇ ਇਕ ਚਲਾਕੀ ਭਰੀ ਜੁਗਤ ਬਣਾਈ ਕਿ ਉਹਨਾਂ ਨੇ ਗੁਰੁੂ ਸਾਹਿਬ ਅੱਗੇ ਗਊਆਂ ਦੀਆਂ ਕਸਮਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਉਹ ਕਿਲ੍ਹਾ ਛੱਡ ਕੇ ਚਲੇ ਜਾਂਦੇ ਹਨ ਤਾਂ ਉਹ ਉਨਾਂ ਤੇ ਉਨਾਂ ਦੇ ਸਿੰਘਾਂ ਨੂੰ ਉਹ ਕੁਝ ਨਹੀਂ ਆਖਣਗੇ।

ਗੁਰੂੁ ਸਾਹਿਬ ਪਹਾੜ੍ਹੀ ਰਾਜਿਆਂ ਦੀ ਮਕਾਰੀ ਭਰੀ ਹਾਲਤ ਨੂੰ ਭਲੀਭਾਂਤ ਜਾਣਦੇ ਹੋਏ ਵੀ ਸ੍ਰੀ ਅਨੰਦਗੜ੍ਹ ਸਾਹਿਬ ਦਾ ਕਿਲ੍ਹਾ ਛੱਡਣ ਲਈ ਸਹਿਮਤ ਹੋ ਗਏ।ਦਸਮ ਪਾਤਸ਼ਾਹ ਵਲੋਂ ਕਿਲਾ੍ਹ ਛੱਡਣ ਦੀ ਘਟਨਾ ਨੂੰ ਮੌਜੂਦਾ ਸੰਗਤਾਂ ਵਿੱਚ ਯਾਦ ਨੂੰ ਤਾਜਾ ਰੱਖਣ ਲਈ ਪਿਛਲੇ ਤੀਹ ਸਾਲਾਂ ਤੋਂ ਬਾਬਾ ਜੋਰਾ ਸਿੰਘ ਲੱਖਾ “ਅਲੌਕਿਕ ਪੈਦਲ ਮਾਰਚ” ਕੱਢਦੇ ਆ ਰਹੇ ਹਨ।ਜਿਨਾਂ ਰਾਹਾਂ ਤੋਂ ਦਸਮ ਪਾਤਸ਼ਾਹ ਗਏ ਸਨ।ਜੋ ਬਾਬਾ ਜੋਰਾ ਸਿੰਘ ਲੱਖਾਂ ਤੋਂ ਬਾਅਦ ਉਨਾਂ ਦਾ ਪ੍ਰੀਵਾਰ ਹੁਣ ਤਕ ਨਿਰੰਤਰ ਕੱਢਦਾ ਆ ਰਿਹਾ ਹੈ।

ਇਹ “ਸਫਰ ਏ ਸ਼ਹਾਦਤ” 6 ਪੋਹ ਸੁਦੀ ਸੱਤਵੀਂ 1701 ਨੂੰ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਛੱਡਣ ਤੋਂ ਸ਼ੁਰੂ ਹੋ ਕੇ 7 ਪੋਹ ਨੂੰ ਗੁਰੁੂ ਸਾਹਿਬ ਦੇ ਸਾਰੇ ਪ੍ਰੀਵਾਰ ਦਾ ਵਿਛੋੜਾ ਸਰਸਾ ਨਦੀ ਤੋਂ ਹੁੰਦਾ ਹੈ, 8 ਪੋਹ ਨੂੰ ਗੁਰੁੂ ਸਾਹਿਬ ਦੇ ਵੱਡੇ ਸਾਹਿਬਜਾਦੇ ਬਾਬਾ ਅਜੀਤ  ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਸਾਹਿਬ ਦੀ ਦਸ ਲੱਖ ਦੀ ਫੌਜ ਨਾਲ ਗਿਣਤੀ ਦੇ ਚਾਲੀ ਸਿੰਘਾਂ  ਦਰਮਿਆਨ ਹੋਈ ਜੰਗ ਜਿਸ ਨੂੰ ਅਸਾਵੀਂ ਜੰਗ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ।

ਇਸ ਜੰਗ ਵਿੱਚ ਵੱਡੇ ਸਾਹਿਬਜ਼ਾਦੇ ਮੁਗਲਾਂ ਦੀ ਹਕੂਮਤ ਨਾਲ ਲੋਹਾ ਲੈਂਦੇ ਹੋਏ ਸ਼ਹੀਦੀਆਂ ਪਾ ਜਾਂਦੇ ਹਨ। ਇਸ ਤਰ੍ਹਾਂ 9 ਪੋਹ ਨੂੰ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਰਹਿੰਦੇ ਬਾਕੀ ਸਿੰਘਾਂ ਨੇ ਪੰਜ ਪਿਆਰਿਆਂ ਰਾਹੀਂ ਹੁਕਮ ਦੁਆ ਕੇ ਦਸਮ ਪਾਤਸ਼ਾਹ ਨੂੰ  ਗਨੀ ਖਾਂ ਤੇ ਨਬੀ ਖਾਂ ਰਾਹੀਂ “ਹਿੰਦ ਦਾ ਪੀਰ” ਅਖਵਾ ਕੇ ਪੰਜ ਸਿੰਘਾਂ ਨਾਲ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਵਿੱਚੋਂ ਬਾਹਰ ਭੇਜਣ ਉਪਰੰਤ ਬਾਕੀ ਸਿੰਘ ਮੁਗਲੀ ਹਕੂਮਤ ਨਾਲ ਬਹਾਦਰੀ ਨਾਲ ਲੜਦੇ ਹੋਏ ਸ਼ਹੀਦੀਆਂ ਪਾ ਜਾਂਦੇ ਹਨ। 

ਇਸੇ ਸਿਲਸਿਲੇ ਅਧੀਨ 10 ਪੋਹ ਨੂੰ ਬੀਬੀ ਹਰਸ਼ਰਨ ਕੌਰ ਵੱਡੇ ਸਾਹਿਜਾਦਿਆਂ ਦੇ ਸਸਕਾਰ ਕਰਨ ਦੇ ਜੁਰਮ ਵਿੱਚ ਮੁਗਲੀਆ ਹੁਕਮ ਵਲੋਂ ਸ਼ਹੀਦ ਕਰ ਦਿੱਤੇ ਜਾਂਦੇ ਹਨ। 

ਅਗਲੇ ਹੀ ਦਿਨ 11 ਪੋਹ ਨੂੰ ਛੋਟੇ ਸਾਹਿਜਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸਰਹਿੰਦ ਵਿਖੇ ਮਾਤਾ ਗੁਜਰੀ ਜੀ ਨਾਲ ਠੰਡੇ ਬੁਰਜ ਵਿੱਚ ਰਖਿਆਂ ਜਾਂਦਾ ਹੈ ਉਪਰੰਤ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਮੁਸਲਿਮ ਧਰਮ ਨੂੰ ਕਬੂਲ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਉਸ ਦਾ ਠੋਕਵਾਂ ਉੱਤਰ ਨਾਂਹ ਵਿੱਚ ਮਿਲਣ ਤੇ ਦੁਬਾਰਾ ਫਿਰ ਠੰਡੇ ਬੁਰਜ ਵਿੱਚ ਭੇਜ ਦਿੱਤਾ ਜਾਂਦਾ ਹੈ।

ਸ਼ਾਹਦਤ ਦੇ ਇਸ ਸਫ਼ਰ ਦੌਰਾਨ 12 ਪੋਹ ਨੂੰ ਫਿਰ ਕਚਿਹਰੀ ਲਗਦੀ ਹੈ ਜਿਥੇ ਸਾਹਿਬਜਾਦਿਆਂ ਵਲੋਂ ਫਿਰ ਇਸਲਾਮ ਨਾ ਕਬੂਲ ਕਰਨ ਕਰਕੇ ਜਿਥੇ ਜੀਊਂਦੇ ਨੀਹਾਂ ਵਿੱਚ ਚਿਣੇ ਜਾਣ ਦਾ ਫਤਵਾ ਕਾਜੀ ਵਲੋਂ ਸੁਣਾਏ ਜਾਣ ਉਪਰੰਤ ਠੰਡੇ ਬੁਰਜ ਵਿੱਚ ਭੇਜ ਦਿੱਤਾ ਜਾਂਦਾ ਹੈ ।ਇਥੇ ਹੀ ਮੋਤੀ ਰਾਮ ਮਹਿਰਾ ਛੋਟੇ ਸਾਹਿਜਾਦਿਆਂ ਤੇ ਮਾਤਾ ਗੁਜਰੀ ਜੀ ਜੋ ਪਿਛਲੇ ਕਈ ਦਿਨਾਂ ਤੋਂ ਭੁੱਖੇ ਪਿਆਸੇ ਸਨ ਉਨਾਂ ਨੂੰ ਗਰਮ ਦੁੱਧ  ਪਿਆਉਂਦਾ ਹੈ।

ਜਦੋਂ ਮੁਗਲੀ ਹਾਕਮਾਂ ਨੂੰ ਇਸ ਗੱਲ ਦਾ ਪਤਾ ਲਗਦਾ ਹੈ ਤਾਂ ਬਾਬਾ ਮੋਤੀ ਰਾਮ ਮਹਿਰਾ ਦੇ ਸਾਰੇ ਪ੍ਰੀਵਾਰ ਜਿਸ ਵਿੱਚ ਉਸ ਦਾ ਪੰਜ ਸੱਤ ਸਾਲ ਦਾ ਮਾਸੂਮ ਪੁੱਤਰ ਵੀ ਸ਼ਾਮਲ ਹੁੰਦਾ ਹੈ ਨੂੰ ਸਾਰੇ ਪ੍ਰੀੂਵਾਰ ਨਾਲ ਜੀਊਂਦਿਆ ਕੋਹਲੂ ਵਿੱਚ ਪੀੜ੍ਹ ਦਿੱਤਾ ਜਾਂਦਾ ਹੈ।

ਅਗਲੇ ਹੀ ਦਿਨ 13 ਪੋਹ ਨੂੰ ਦਸਮ ਪਾਤਸ਼ਾਹ ਦੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਜੀਊਂਦਿਆਂ ਨੀਹਾਂ ਵਿੱਚ ਚਿਣਾ ਦਿੱਤਾ ਜਾਂਦਾ ਹੈ। ਉਪਰੰਤ ਮਾਤਾ ਗੁੱਜਰੀ ਜੀ ਵੀ ਸ਼ਹਾਦਤ ਪਾ ਜਾਂਦੇ ਹਨ। ਇਹ ਹੈ ਲਾਸਾਨੀ ਸ਼ਹਾਦਤ ਭਰੇ ਹਫਤੇ ਦੀ ਬਹਾਦਰੀ ਭਰੀ ਗਾਥਾ। ਜਦੋਂ ਦਸਮ ਪਾਤਸ਼ਾਹ ਨੂੰ ਚਾਰੇ ਸਾਹਿਜਾਦਿਆਂ ਦੀ ਸ਼ਹਾਦਤ ਦਾ ਪਤਾ ਲਗਦਾ ਹੈ ਤਾਂ ਉਸ ਸਮੇਂ ਘਾਹ ਦੇ ਇਕ ਬੂਟੇ ਨੂੰ ਪੁੱਟਦੇ ਹੋਏ ਉਨਾਂ ਦੇ ਸਹਿਜ ਸੁਭਾੳੇ ਮੂੰਹ ਵਿੱਚੋਂ ਨਿਕਲਦਾ ਜਾਂਦਾ ਹੈ ਕਿ ਮੁਗਲੀ ਜੁਲਮੀ ਰਾਜ ਦੇ ਖਾਤਮੇ ਦੀ ਨੀਂਹ ਪੁੱਟੀ ਗਈ ਹੈ।

ਇਹ ਸਭ ਕੁਝ ਵੀ ਸਭ ਨੂੰ ਪਤਾ ਹੈ ਕਿ ਇਹ ਸੱਚ ਵੀ ਹੋ ਨਿਬੜਦਾ  ਹੈ। ਦਸਮ ਪਾਤਸ਼ਾਹ ਜ਼ੁਲਮੀ ਮੁਗਲ ਬਾਦਸ਼ਾਹ ਔਰੰਗਜੇਬ ਬਾਦਸ਼ਾਹ ਨੂੰ “ਜਫਰਨਾਮਾ” ਲਿਖ ਕੇ ਭੇਜਦੇ ਹਨ ਜਿਸ ਵਿੱਚ ਉਸ ਦੇ ਰਾਜ ਵਲੋਂ ਢਾਹੇ ਸਾਰੇ ਜੁਲਮਾਂ ਦੀ ਕਹਾਣੀ ਨੂੰ ਵਰਨਣ ਕੀਤਾ ਹੋਇਆ ਹੁੰਦਾ ਹੈ ਜਿਸ ਨੂੰ ਔਰੰਗਜੇਬ ਬਾਦਸ਼ਾਹ ਬਰਦਾਸ਼ਤ ਨਾਂ ਕਰਦਾ ਹੋਇਆ ਉਹ ਇੰਨਾ ਸੱਦਮੇ ਵਿੱਚ ਆ ਜਾਂਦਾ ਹੈ ਕਿ ਦਸਮ ਪਾਤਸ਼ਾਹ ਨੂੰ ਮਿਲਣ ਲਈ ਬੁਲਾਵਾ ਲਿਖ ਭੇਜਦਾ ਹੈ ਪਰ ਦਸਮ ਪਾਤਸ਼ਾਹ ਨੂੰ ਮਿਲਣ ਤੋਂ ਪਹਿਲਾਂ ਹੀ ਮੁਗਲੀ ਬਾਦਸ਼ਾਹ ਔਰੰਗਜੇਬ ਦੀ ਸਦਮੇ ਵਿੱਚ ਮੌਤ ਹੋ ਜਾਂਦੀ ਹੈ।

ਇਤਿਹਾਸ ਵਿੱਚ ਇਹ ਸਭ ਕੁਝ ਦਰਜ ਹੈ ਕਿ ਕਿਸ ਤਰਾਂ ਬਾਅਦ ਵਿੱਚ ਇਹ ਜੁਲਮੀ ਮੁਗਲੀ ਰਾਜ ਖੱਖੜੀਆਂ ਖੱਖੜੀਆਂ ਹੋ ਜਾਂਦਾ ਹੈ।ਦਸਮ ਪਾਤਸ਼ਾਹ ਗੁਰੂੁ ਗੋਬਿੰਦ ਸਿੰਘ ਜੀ ਫਿਰ ਦੱਖਣ ਵਿੱਚ ਸ੍ਰੀ ਹਜੂਰ ਸਾਹਿਬ ਜਿਸ ਨੂੰ ਅਬਚੱਲ ਨਗਰ ਕਿਹਾ ਜਾਂਦਾ ਹੈ ਵਲ ਚਾਲੇ ਪਾ ਜਾਂਦੇ ਹਨ ਜਿਥੇ ਉਨਾਂ ਦਾ ਮੇਲ ‘ਬੰਦਾ ਸਿੰਘ ਬੈਰਾਗੀ’ ਨਾਲ ਹੁੰਦਾ ਹੈ।

ਗੁਰੂ ਸਾਹਿਬ ਉਸ ਨੂੰ   ਪੰਜ ਤੀਰ ਦੇ ਕੇ ਅਤੇ ਕੁਝ ਸਿੰਘਾਂ ਨਾਲ ਪੰਜਾਬ ਭੇਜਦੇ ਹਨ ਤਾਂ ਕਿ ਉਹ ਮੁਗਲੀ ਜੁਲਮ ਨੂੰ ਨੱਥ ਪਾ ਸਕਣ ਜੋ ਪੰਜਾਬ ਵੱਲ ਆਉਂਦੇ ਹੋਏ ਰਸਤੇ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਫੌਜ ਦਾ ਇੱਕਠ ਕਰ ਲੈਂਦੇ ਹਨ। ਸੂਬਾ ਸਰਹਿੰਦ ਵਜੀਰ ਖਾਨ ਜਿਸ ਨੇ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਜੀਊਂਦਿਆਂ ਨੀਹਾਂ ਵਿੱਚ ਚਿਣਵਾਇਆ ਸੀ ਉਸ ਨੂੰ ਸਬਕ ਸਿਖਾਉਣ ਲਈ ਇਕ ਘੋੜੇ ਦੇ ਮਗਰ ਬੰਨ ਕੇ ਸਾਰੇ ਸਰਹਿੰਦ ਵਿੱਚ ਘੁਮਾਇਆ ਜਾਂਦਾ ਹੈ ਇਸ ਤਰਾਂ ਉਸ ਦੀ ਬੇਦਰਦ ਮੌਤ ਹੁੰਦੀ ਹੈ।

ਬਾਅਦ ਵਿੱਚ ਇਹ ਹੀ ਬਾਬਾ ਬੰਦਾ ਸਿੰਘ ਬਹਾਦਰ ਸਿੱਖਾਂ ਦਾ ਪਹਿਲਾ ਬੇਤਾਜ ਬਾਦਸ਼ਾਹ ਬਣਦਾ ਹੈ। ਜਿਸ ਨੇ ਆਪਣੇ ਰਾਜ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਉਸ ਨੂੰ ਬੇਜਮੀਨਿਆਂ ਨੂੰ ਜਮੀਨਾਂ ਦਾ ਮਾਲਕ ਬਣਾਉਣ ਕਰਕੇ ਅੱਜ ਵੀ ਇਹ ਕਹਿ ਕੇ ਯਾਦ ਕੀਤਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਬੇਜਮੀਨੇ ਕਾਮਿਆਂ ਨੂੰ ਮੁਜਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ ਸੀ।ਜੋ ਹੁਣ ਤਕ ਇਸ ਦਾ ਅਨੰਦ ਮਾਣਦੇ ਆ ਰਹੇ ਹਨ।

ਇਹ ਹੈ ਸਿੱਖ ਕੌਮ ਦਾ ਲਾਸਾਨੀ ਨਾ ਭੁੱਲਣਯੋਗ ਦਸੰਬਰ ਦਾ ਮਹੀਨਾ ।ਜੋ ਸਿੱਖ ਕੌਮ ਲਈ ਹਮੇਸ਼ਾ ਚਾਨਣ ਮੁਨਾਰੇ ਦਾ ਕੰਮ ਕਰਦਾ ਰਹੇਗਾ।  

*ਲੇਖਕ ਜੰਗ ਸਿੰਘ

ਮੋਬਾਇਲ ਨੰ +1 415 603 7380                                      

 


No comments:

Post a Comment

ਸਿੱਖ ਜਗਤ ਦਾ ਲਾ-ਮਿਸਾਲ ਸ਼ਹਾਦਤਾਂ ਭਰਿਆ “ਦਸੰਬਰ”ਮਹੀਨੇ ਦਾ ਗੌਰਵਮਈ ਹਫਤਾ!!

 Emailed on Thursday 25th  December 2025 at 11:08 AM   Regarding December in Sikhism        ਇਹ ਸੰਸਾਰ ਭਰ ਦੀ ਇਕੋ ਇਕ ਲਾਸਾਨੀ ਮਿਸਾਲ ਹੈ --*ਜੰਗ ਸਿੰ...